Close

ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ

ਵਿਭਾਗ ਦੇ ਕੰਮ ਦਾ ਸੰਖੇਪ ਵੇਰਵਾ:-

ਇਹ ਵਿਭਾਗ ਅਨੁਸੂਚਿਤ ਜਾਤੀਆਂ, ਪੱਛੜੀਆਂ ਸ੍ਰੇਣੀਆਂ ਅਤੇ ਘੱਟ ਗਿਣਤੀ ਵਰਗ ਨਾਲ ਸਬੰਧਤ ਹੇਠਲੇ ਵਰਗ ਦੇ ਲੋਕਾਂ ਦੀ ਸਮਾਜਿਕ ਅਤੇ ਆਰਥਿਕ ਉੱਨਤੀ ਲਈ ਕਈਂ ਵਿੱਦਿਅਕ, ਸਮਾਜਿਕ ਅਤੇ ਆਰਥਿਕ ਵਿਕਾਸ ਦੀਆਂ ਸਕੀਮਾਂ ਪ੍ਰੋਗਰਾਮਾਂ ਨੂੰ ਲਾਗੂ ਕਰਦਾ ਹੈ।

ਚਲ ਰਹੇ ਪ੍ਰੋਜੈਕਟ:-

ਅਸ਼ੀਰਵਾਦ ਸਕੀਮ:-ਪੰਜਾਬ ਸਰਕਾਰ ਵੱਲੋਂ ਅਸ਼ੀਰਵਾਦ ਸਕੀਮ ਦੇ ਨਾਮ ਤੇ ਲੜਕੀ ਦੀ ਸ਼ਾਦੀ ਸਮੇਂ 21,000 ਰੁਪਏ ਦੀ ਰਾਸ਼ੀ ਦੇਣ ਦੀ ਸਕੀਮ ਲਈ ਬਿਨੈਕਾਰ ਅਪਲਾਈ ਕਰ ਸਕਦੇ ਹਨ।

ਸ਼ਰਤਾਂ ਹੇਠ ਲਿਖੇ ਅਨੁਸਾਰ ਹਨ:-

ਲੜਕੀ ਦੇ ਮਾਪੇ/ ਸਰਪ੍ਰਸਤ ਅਨੁਸੂਚਿਤ ਜਾਤੀ, ਇਸਾਈ ਬਰਾਦਰੀ, ਪੱਛੜੀਆਂ ਸ੍ਰੇਣੀਆਂ ਅਤੇ ਆਰਥਿਤ ਤੌਰ ਤੇ ਕਮਜੋਰ ਪਰਿਵਾਰਾਂ ਨਾਲ ਸਬੰਧ ਰੱਖਦੇ ਹਨ, ਜਿਨ੍ਹਾਂ ਦੇ ਪਰਿਵਾਰ ਦੇ ਸਲਾਨਾ ਆਮਦਨ 32,790 ਰੁਪਏ ਤੋਂ ਵੱਧ ਨਹੀਂ ਹੋਣੀ ਚਾਹੀਦੀ, ਅਸ਼ੀਰਵਾਦ ਸਕੀਮ ਅਧੀਨ ਲਾਭ ਪ੍ਰਾਪਤ ਕਰ ਸਕਦਾ ਹੈ।
ਵਿਆਹ ਸਮੇਂ ਲੜਕੀ ਦੀ ਉਮਰ ਘੱਟੋ ਘੱਟ 18 ਸਾਲ ਹੋਣੀ ਚਾਹੀਦੀ ਹੈ।
ਅਸ਼ੀਰਵਾਦ ਸਕੀਮ ਅਧੀਨ ਦਰਖਾਸਤ ਵਿਆਹ ਦੀ ਮਿਤੀ ਤੋਂ ਪਹਿਲਾਂ ਅਤੇ ਵਿਆਹ ਦੀ ਮਿਤੀ ਤੋਂ 30 ਦਿਨ ਬਾਅਦ ਤੱਕ ਵੀ ਸਬੰਧਤ ਤਹਿਸੀਲ ਭਲਾਈ ਅਫਸਰ ਜਾਂ ਜਿਲ੍ਹਾ ਭਲਾਈ ਅਫਸਰ ਨੂੰ ਦਿੱਤੀ ਜਾ ਸਕਦੀ ਹੈ।ਅਸ਼ੀਰਵਾਦ ਸਕੀਮ ਅਧੀਨ ਲਾਭ ਇੱਕ ਪਰਿਵਾਰ ਦੀਆਂ ਵੱਧ ਤੋਂ ਵੱਧ ਦੋ ਲੜਕੀਆਂ ਦੀ ਸ਼ਾਦੀ ਸਮੇਂ ਹੀ ਦਿੱਤਾ ਜਾਂਦਾ ਹੈ।

ਅੰਤਰਜਾਤੀ ਵਿਆਹ ਸਕੀਮ:-ਪੀਸੀਆਰ ਐਕਟ 1955 ਤਹਿਤ ਅਛੂਤਤਾ ਨੂੰ ਜਮੀਨੀ ਪੱਧਰ ਤੇ ਖਤਮ ਕਰਨ ਦੀ ਸਕੀਮ ਤਹਿਤ ਅੰਤਰ ਜਾਤੀ ਵਿਆਹ ਕਰਾਉਣ ਵਾਲੇ ਜੋੜੇ (ਜਿਸ ਵਿਚ ਇੱਕ ਅਨੁਸੂਚਿਤ ਜਾਤੀ ਨਾਲ ਸਬੰਧਤ ਹੋਵੇ) ਨੂੰ ਉਤਸ਼ਾਹਿਤ ਕਰਨ ਲਈ 50,000 ਰੁਪਏੇ ਦਿੱਤੇ ਜਾਂਦੇ ਹਨ।

ਅਨੁਸੂਚਿਤ ਜਾਤੀ ਦੇ ਪਹਿਲੀਂ ਤੋਂ ਦਸਵੀਂ ਤੱਕ ਦੇ ਵਿਦਿਆਰਥੀਆਂ ਨੂੰ ਮੁਫਤ ਕਿਤਾਬਾਂ ਵੰਡਣ ਦੀ ਸਕੀਮ:-ਅਨੁਸੂਚਿਤ ਜਾਤੀ ਵਰਗ ਨਾਲ ਸਬੰਧਤ ਵਿਦਿਆਰਥੀਆਂ ਨੂੰ ਪਹਿਲੀ ਤੋਂ ਦਸਵੀਂ ਜਮਾਤ ਤੱਕ ਪਾਠ ਪੁਸਤਕਾਂ ਦੇਣ ਦੀ ਸਕੀਮ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਭਲਾਈ ਵਿਭਾਗ ਦੇ ਸਹਿਯੋਗ ਨਾਲ ਪਾਠ ਪੁਸਤਕਾਂ ਦੀ ਵੰਡ ਜਿਲ੍ਹਾ ਸਿੱਖਿਆ ਅਫਸਰ ਰਾਹੀਂ ਕੀਤੀ ਜਾਂਦੀ ਹੈ। ਪਾਠ ਪੁਸਤਕਾਂ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਵੰਡੀਆ ਜਾਂਦੀਆਂ ਹਨ

ਪ੍ਰੀ ਮੈਟ੍ਰਿਕ ਸਕਾਲਰਸ਼ਿਪ ਸਕੀਮ ਫਾਰ ਐਸ.ਸੀ.:- ਇਹ ਇੱਕ ਕੇਂਦਰੀ ਸਪਾਂਸਰ ਸਕੀਮ ਹੈ। ਇਸ ਸਕੀਮ ਦਾ ਉਦੇਸ਼ ਐਸ.ਸੀ. ਵਿਦਿਆਰਥੀਆਂ ਦੇ ਮਾਪਿਆਂ ਆਪਣੇ ਨੌਵੀਂ ਅਤੇ ਦਸਵੀਂ ਕਲਾਸ ਵਿੱਚ ਪੜ੍ਹ ਰਹੇ ਬੱਚਿਆਂ ਦੀ ਸਿੱਖਿਆ ਵਿੱਚ ਸਹਾਇਤਾ ਕਰਨਾ ਹੈ ਤਾਂ ਜੋ ਡਰਾਪ ਆਊਟ ਦੀਆਂ ਘਟਨਾਵਾਂ ਨੂੰ ਘੱਟ ਕੀਤਾ ਸਕੇ ਅਤੇ ਵਿਦਿਆਰਥੀਆਂ ਦੇ ਨੌਵੀਂ ਅਤੇ ਦਸਵੀਂ ਕਲਾਸ ਵਿੱਚ ਭਾਗਦਰੀ ਵਧਾਈ ਜਾ ਸਕੇ ਜਿਸ ਨਾਲ ਉਨ੍ਹਾਂ ਦਾ ਪ੍ਰਦਰਸ਼ਨ ਬਿਹਤਰ ਹੋਵੇ ਅਤੇ ਮੈਟ੍ਰਿਕ ਤੋਂ ਅਗਲੇ ਪੜਾਅ ਤੇ ਅੱਗੇ ਵਧਣ ਦਾ ਵਧੀਆ ਮੌਕਾ ਪ੍ਰਾਪਤ ਕਰ ਸਕਣ। ਪ੍ਰੀ-ਮੈਟ੍ਰਿਕ ਸਕਾਲਰਸ਼ਿਪ ਸਕੀਮ ਫਾਰ ਐਸ.ਸੀ. ਲਈ ਪਾਤਰਤਾ ਵਿਦਿਆਰਥੀ ਅਨੁਸੂਚਿਤ ਜਾਤੀ ਨਾਲ ਸਬੰਧਤ ਹੋਵੇ।
ਮਾਪਿਆਂ ਦੀ ਆਮਦਨ 2.50 ਲੱਖ ਤੋਂ ਵੱਧ ਨਾ ਹੋਵੇ।
ਇਸ ਸਕੀਮ ਤਹਿਤ ਡੇ ਸਕਾਲਰ ਨੂੰ 225/- ਰੁਪਏ ਪ੍ਰਤੀ ਮਹੀਨਾ ਅਤੇ ਹੋਸਟਲਰ ਨੂੰ 525/- ਰੁਪਏ ਪ੍ਰਤੀ ਮਹੀਨਾ ਸਕਾਲਰਸ਼ਿਪ ਮਿਲਦੀ ਹੈ।
ਇਸ ਸਕੀਮ ਤਹਿਤ ਡੇ ਸਕਾਲਰ ਨੂੰ 750/- ਰੁਪਏ ਪ੍ਰਤੀ ਸਾਲ ਅਤੇ ਹੋਸਟਲਰ ਨੂੰ 1000/- ਰੁਪਏ ਪ੍ਰਤੀ ਸਾਲ ਮੈਂਟੀਨੈਂਸ ਭੱਤਾ ਮਿਲਦਾ ਹੈ।
ਇਸ ਸਕੀਮ ਤਹਿਤ ਕਲਾਸ 09ਵੀਂ ਅਤੇ 10ਵੀਂ ਦੇ ਵਿਦਿਆਰਥੀ ਅਪਲਾਈ ਕਰਦੇ ਹਨ।  

ਪ੍ਰੀ ਮੈਟ੍ਰਿਕ ਸਕਾਲਰਸ਼ਿਪ ਸਕੀਮ ਫਾਰ ਓ.ਬੀ.ਸੀ.:- ਇਹ ਇੱਕ ਕੇਂਦਰੀ ਸਪਾਂਸਰ ਸਕੀਮ ਹੈ। ਖਰਚਾ ਕੇਂਦਰ ਅਤੇ ਰਾਜ ਸਰਕਾਰ ਵਿੱਚ 50:50 ਅਨੁਪਾਤ ਵਿੱਚ ਵੰਡਿਆ ਜਾਂਦਾ ਹੈ।ਇਸ ਸਕੀਮ ਦਾ ਉਦੇਸ਼ ਪ੍ਰੀ ਮੈਟ੍ਰਿਕ ਪੱਧਰ ਤੇ ਪੜ੍ਹ ਰਹੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨਾ ਹੈ। ਯੋਗਤਾ ਲਈ ਆਮਦਨ ਹੱਦ 2.50 ਲੱਖ ਰੁਪਏ ਹੈ। ਇਸ ਸਕੀਮ ਤਹਿਤ ਪਹਿਲੀ ਤੋਂ ਦਸਵੀਂ ਕਲਾਸ ਤੱਕ ਲਾਭ ਲਿਆ ਜਾ ਸਕਦਾ ਹੈ।

ਪ੍ਰੀ ਮੈਟ੍ਰਿਕ ਸਕਾਲਰਸ਼ਿਪ ਸਕੀਮ ਫਾਰ ਮਾਨਿਓਰਟੀ:- ਇਹ ਸਕੀਮ ਮਨਿਸਟਰੀ ਆਫ ਮਨਿਓਰਿਟੀ ਅਫੇਅਰਜ਼, ਭਾਰਤ ਸਰਕਾਰ ਵੱਲੋਂ 1-4-2008 ਤੋਂ ਸੁ਼ਰੂ ਕੀਤੀ ਗਈ ਸੀ। ਇਹ ਸਕੀਮ 1-4-2014 ਤੋਂ ਭਾਰਤ ਸਰਕਾਰ ਵੱਲੋਂ 100% ਕਰ ਦਿੱਤੀ ਗਈ ਹੈ। ਇਸ ਸਕੀਮ ਦਾ ਮੁੱਖ ਮਕਸਦ ਘੱਟ ਗਿਣਤੀ ਵਰਗ (ਸਿੱਖ, ਮੁਸਲਿਮ, ਈਸਾਈ, ਬੋਧੀ, ਜੈਨ ਅਤੇ ਜੈਨ ਅਤੇ ਪਾਰਸੀ) ਦੇ ਗਰੀਬ ਬੱਚਿਆਂ ਨੂੰ ਪ੍ਰੀ-ਮੈਟ੍ਰਿਕ ਲੇਵਲ ਤੇ ਸਕਾਲਰਸਿ਼ਪ ਦੇ ਕੇ ਉਨ੍ਹਾਂ ਦਾ ਡਰਾਪ ਆਊਟ ਰੇਟ ਘਟਾਉਣਾ, ਗਰੀਬ ਪਰਿਵਾਰਾਂ ਦਾ ਵਿੱਤੀ ਬੋਝ ਘਟਾਉਣਾ ਤੇ ਮਾਪਿਆਂ ਨੂੰ ਬੱਚਿਆਂ ਨੂੰ ਪੜ੍ਹਾਉਣ ਲਈ ਉਤਸ਼ਾਹਿਤ ਕਰਨਾ ਹੈ।

ਸ਼ਰਤਾਂ:- ਇਹ ਸਕਾਲਰਸ਼ਿਪ ਸਰਕਾਰੀ ਜਾਂ ਪ੍ਰਾਈਵੇਟ ਸਕੂਲਾਂ ਦੇ ਪਹਿਲੀ ਤੋਂ ਦਸਵੀਂ ਕਲਾਸ ਦੇ ਬੱਚਿਆਂ ਨੂੰ ਦਿੱਤਾ ਜਾਂਦਾ ਹੈ। ਸਕਾਲਰਸਿ਼ਪ ਉਨ੍ਹਾਂ ਬੱਚਿਆਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਦੇ ਪਿਛਲੇ ਸਾਲ ਦੇ ਇਮਤਿਹਾਨ ਵਿੱਚ 50% ਤੋਂ ਘੱਟ ਨੰਬਰ ਨਾ ਹੋਣ ਤੇ ਉਨ੍ਹਾਂ ਦੇ ਮਾਪਿਆਂ ਦੀ ਸਾਲਾਨਾ ਆਮਦਨ ਇੱਕ ਲੱਖ ਤੋਂ ਵੱਧ ਨਾ ਹੋਵੇ। ਪਰਿਵਾਰ ਦੇ ਦੋ ਬੱਚਿਆਂ ਤੱਕ ਲਾਭ ਦਿੱਤਾ ਜਾਂਦਾ ਹੈ। ਮਾਪੇ / ਬੱਚਾ ਪੰਜਾਬ ਦਾ ਵਸਨੀਕ ਹੋਵੇ ਤੇ ਵਿੱਦਿਅਕ ਸੰਸਥਾ ਵਿੱਚ ਰੈਗੂਲਰ ਪੜ੍ਹਦਾ ਹੋਵੇ। ਇਸ ਸਕੀਮ ਤਹਿਤ ਇੱਕ ਪਰਿਵਾਰ ਦੇ ਦੋ ਬੱਚਿਆਂ ਤੱਕ ਲਾਭ ਦਿੱਤਾ ਜਾਂਦਾ ਹੈ। ਇਸ ਸਕੀਮ ਤਹਿਤ ਵਿਦਿਆਰਥੀਆਂ ਵੱਲੋ ਸਕਾਰਲਸ਼ਿਪ ਫਾਰਮ ਨੈਸ਼ਨਲ ਸਕਾਲਰਸ਼ਿਪ ਪੋਰਟਲ ਤੇ ਆਨਲਾਈਨ ਅਪਲਾਈ ਕੀਤੇ ਜਾਂਦੇ ਹਨ। ਇਸ ਸਕੀਮ ਤਹਿਤ ਪਹਿਲੀ ਤੋਂ ਦਸਵੀਂ ਕਲਾਸ ਤੱਕ ਲਾਭ ਲਿਆ ਜਾ ਸਕਦਾ ਹੈ।  

ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਫਾਰ ਐਸ.ਸੀ.:-ਇਹ ਸਕੀਮ ਭਾਰਤ ਸਰਕਾਰ ਦੀ ਸਹਾਇਤਾ ਨਾਲ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਹੈ। ਪੋਸਟ ਮੈਟਿ਼੍ਰਕ ਕਲਾਸ, 10+2, ਡਿਗਰੀ ਕੋਰਸ, ਪ੍ਰੋਫੈਸ਼ਨਲ ਕੋਰਸ, ਮਾਸਟਰ ਡਿਗਰੀ ਕੋਰਸ ਆਦਿ ਵਿੱਚ ਪੜ੍ਹ ਰਹੇ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਨੂੰ ਇਸ ਸਕੀਮ ਤਹਿਤ ਵਜੀਫਾ ਅਤੇ ਨਾ ਮੋੜਨਯੋਗ ਜਰੂਰੀ ਫੀਸਾਂ ਦੇ ਕਲੇਮਾਂ ਦੀ ਅਦਾਇਗੀ ਕੀਤੀ ਜਾਂਦੀ ਹੈ। ਇਸ ਸਕੀਮ ਦਾ ਮੁੱਖ ਮੰਤਵ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਪ੍ਰਾਪਤ ਕਰਵਾਉਣ ਲਈ, ਉਨ੍ਹਾ ਨੂੰ ਵਿੱਤੀ ਸਹਾਇਤਾ ਦੇਣਾ ਹੈ। ਇਸ ਸਕੀਮ ਤਹਿਤ ਲਾਭ ਪ੍ਰਾਪਤ ਕਰਨ ਲਈ ਮਾਪਿਆਂ ਦੀ ਆਮਦਨ ਹੱਦ 2.50 ਲੱਖ ਸਾਲਾਨਾ ਤੋਂ ਘੱਟ ਹੋਵੇ ਅਤੇ ਉਹ ਪੰਜਾਬ ਰਾਜ ਦਾ ਵਸਨੀਕ ਹੋਵੇ।

ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਫਾਰ ਓ.ਬੀ.ਸੀ.:-ਇਹ ਸਕੀਮ ਭਾਰਤ ਸਰਕਾਰ ਦੀ ਸਹਾਇਤਾ ਨਾਲ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਹੈ। ਪੋਸਟ ਮੈਟਿ਼੍ਰਕ ਕਲਾਸ, 10+2, ਡਿਗਰੀ ਕੋਰਸ, ਪ੍ਰੋਫੈਸ਼ਨਲ ਕੋਰਸ, ਮਾਸਟਰ ਡਿਗਰੀ ਕੋਰਸ ਆਦਿ ਵਿੱਚ ਪੜ੍ਹ ਰਹੇ ਹੋਰ ਪੱਛੜੀਆਂ ਸ੍ਰੇਣੀਆਂ ਦੇ ਵਿਦਿਆਰਥੀਆਂ ਨੂੰ ਇਸ ਸਕੀਮ ਤਹਿਤ ਵਜੀਫਾ ਅਤੇ ਨਾ ਮੋੜਨਯੋਗ ਜਰੂਰੀ ਫੀਸਾਂ ਦੇ ਕਲੇਮਾਂ ਦੀ ਅਦਾਇਗੀ ਕੀਤੀ ਜਾਂਦੀ ਹੈ। ਇਸ ਸਕੀਮ ਦਾ ਮੁੱਖ ਮੰਤਵ ਹੋਰ ਪੱਛੜੀਆਂ ਸ੍ਰੇਣੀਆਂ ਦੇ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਪ੍ਰਾਪਤ ਕਰਵਾਉਣ ਲਈ, ਉਨ੍ਹਾ ਨੂੰ ਵਿੱਤੀ ਸਹਾਇਤਾ ਦੇਣਾ ਹੈ। ਇਸ ਸਕੀਮ ਤਹਿਤ ਲਾਭ ਪ੍ਰਾਪਤ ਕਰਨ ਲਈ ਮਾਪਿਆਂ ਦੀ ਆਮਦਨ ਹੱਦ 1.50 ਲੱਖ ਸਾਲਾਨਾ ਤੋਂ ਘੱਟ ਹੋਵੇ ਅਤੇ ਉਹ ਪੰਜਾਬ ਰਾਜ ਦਾ ਵਸਨੀਕ ਹੋਵੇ।  

ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਫਾਰ ਮਾਨਿਓਰਟੀ:-ਇਹ ਸਕੀਮ ਮਿਤੀ 29-11-2007 ਤੋਂ ਮਨਿਸਟਰੀ ਆਫ ਮਨਿਓਰਿਟੀ ਅਫੇਅਰਜ਼, ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਸੀ। ਇਸ ਸਕੀਮ ਦਾ ਮੁੱਖ ਮਕਸਦ ਘੱਟ ਗਿਣਤੀ ਵਰਗ (ਸਿੱਖ, ਮੁਸਲਿਮ, ਈਸਾਈ, ਬੋਧੀ, ਜੈਨ ਅਤੇ ਪਾਰਸੀ) ਦੇ ਨਾਲ ਸਬੰਧ ਰੱਖਦੇ ਬੱਚਿਆਂ ਨੂੰ ਵਜ਼ੀਫਾ ਦੇਣਾ ਹੈ ਤਾਂ ਜੋ ਉਹ ਆਪਣੀ ਉਚੇਰੀ ਪੜ੍ਹਾਈ ਕਰ ਸਕਣ ਅਤੇ ਰੁਜ਼ਗਾਰ ਪ੍ਰਾਪਤ ਕਰ ਸਕਣ।

ਸ਼ਰਤਾਂ:- ਸਕਾਲਰਸ਼ਿਪ ਭਾਰਤ ਵਿੱਚ ਸਰਕਾਰੀ ਜਾਂ ਪ੍ਰਾਈਵੇਟ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਆਦਿ ਵਿੱਚ ਪੜ੍ਹ ਰਹੇ ਬੱਚਿਆ ਨੂੰ ਦਿੱਤਾ ਜਾਂਦਾ ਹੈ।ਇਹ ਸਕਾਲਰਸ਼ਿਪ ਉਨ੍ਹਾਂ ਬੱਚਿਆਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਦੇ ਪਿਛਲੇ ਸਾਲ ਦੇ ਇਮਤਿਹਾਨ ਵਿੱਚ 50% ਤੋਂ ਘੱਟ ਨੰਬਰ ਨਾ ਹੋਣ ਤੇ ਜਿਨ੍ਹਾਂ ਦੇ ਮਾਪਿਆਂ ਦੀ ਸਾਲਾਨਾ ਆਮਦਨ 2 ਲੱਖ ਤੋਂ ਜਿ਼ਆਦਾ ਨਾ ਹੋਵੇ। ਮਾਪੇ / ਬੱਚਾ ਪੰਜਾਬ ਦਾ ਵਸਨੀਕ ਹੋਵੇ ਤੇ ਵਿੱਦਿਅਕ ਸੰਸਥਾ ਵਿੱਚ ਰੈਗੂਲਰ ਪੜ੍ਹਦਾ ਹੋਵੇ। ਇਸ ਸਕੀਮ ਤਹਿਤ ਇੱਕ ਪਰਿਵਾਰ ਦੇ ਦੋ ਬੱਚਿਆਂ ਤੱਕ ਲਾਭ ਦਿੱਤਾ ਜਾਂਦਾ ਹੈ। ਇਸ ਸਕੀਮ ਤਹਿਤ ਵਿਦਿਆਰਥੀਆਂ ਵੱਲੋ ਸਕਾਰਲਸ਼ਿਪ ਫਾਰਮ ਨੈਸ਼ਨਲ ਸਕਾਲਰਸ਼ਿਪ ਪੋਰਟਲ ਤੇ ਆਨਲਾਈਨ ਅਪਲਾਈ ਕੀਤੇ ਜਾਂਦੇ ਹਨ।  

ਮੈਰਿਟ ਕਮ ਮੀਨਜ਼ ਸਕਾਲਰਸ਼ਿਪ ਸਕੀਮ ਫਾਰ ਮਾਨਿੳਰਟੀ:- ਇਹ ਸਕੀਮ ਭਾਰਤ ਸਰਕਾਰ ਵੱਲੋਂ ਮਿਤੀ 21-6-2007 ਤੋਂ ਸ਼ੁਰੂ ਕੀਤੀ ਗਈ ਸੀ।ਇਸ ਸਕੀਮ ਦਾ ਮੁੱਖ ਮਕਸਦ ਘੱਟ ਗਿਣਤੀ ਵਰਗ (ਸਿੱਖ, ਮੁਸਲਿਮ, ਈਸਾਈ, ਬੋਧੀ, ਜੈਨ ਅਤੇ ਪਾਰਸੀ) ਦੇ ਨਾਲ ਸਬੰਧਤ ਗਰੀਬ ਬੱਚਿਆਂ ਨੂੰ ਵਿੱਤੀ ਸਹਾਇਤਾ ਦੇਣਾ ਹੈ ਤਾਂ ਜੋ ਉਹ ਪੋ੍ਰਫੈਸ਼ਨਲ ਤੇ ਟੈਕਨੀਕਲ ਕੋਰਸਿਜ਼ ਦੀ ਪੜ੍ਹਾਈ ਸੁਚੱਜੇ ਢੰਗ ਨਾਲ ਕਰ ਸਕਣ।
ਸ਼ਰਤਾਂ:- ਸਕਾਲਰਸ਼ਿਪ ਭਾਰਤ ਵਿਚ ਸਥਿਤ ਟੈਕਨੀਕਲ, ਪ੍ਰੋਫੈਸ਼ਨਲ, ਮੈਡੀਕਲ, ਨਰਸਿੰਗ, ਫਾਰਮੇਸੀ, ਮੈਨੇਜਮੈਂਟ ਆਦਿ ਸੰਸਥਾਵਾਂ ਵਿੱਚ ਪੜ੍ਹ ਰਹੇ ਬੱਚਿਆਂ ਨੂੰ ਦਿੱਤਾ ਜਾਂਦਾ ਹੈ। ਇਸ ਸਕੀਮ ਤਹਿਤ ਸਕਾਲਰਸ਼ਿਪ ਲੈਣ ਲਈ ਉਹ ਵਿਦਿਆਰਥੀ ਯੋਗ ਹਨ ਜਿਨ੍ਹਾਂ ਦੇ ਪਿਛਲੇ ਇਮਤਿਹਾਨ ਵਿੱਚ 50% ਤੋਂ ਘੱਟ ਨੰਬਰ ਨਾ ਹੋਣ ਤੇ ਉਨ੍ਹਾਂ ਦੇ ਮਾਪਿਆਂ ਦੀ ਸਾਲਾਨਾ ਆਮਦਨ 2.50 ਲੱਖ ਸਾਲਾਨਾ ਤੋਂ ਵੱਧ ਨਾ ਹੋਵੇ। ਮਾਪੇ /ਬੱਚਾ ਪੰਜਾਬ ਦਾ ਵਸਨੀਕ ਹੋਵੇ ਤੇ ਵਿੱਦਿਅਕ ਸੰਸਥਾ ਵਿੱਚ ਰੈਗੂਲਰ ਪੜ੍ਹਦਾ ਹੋਵੇ। ਇਸ ਸਕੀਮ ਤਹਿਤ ਇੱਕ ਪਰਿਵਾਰ ਦੇ ਦੋ ਬੱਚਿਆਂ ਤੱਕ ਲਾਭ ਦਿੱਤਾ ਜਾਂਦਾ ਹੈ। ਇਸ ਸਕੀਮ ਤਹਿਤ ਵਿਦਿਆਰਥੀਆਂ ਵੱਲੋ ਸਕਾਰਲਸ਼ਿਪ ਫਾਰਮ ਨੈਸ਼ਨਲ ਸਕਾਲਰਸ਼ਿਪ ਪੋਰਟਲ ਤੇ ਆਨਲਾਈਨ ਅਪਲਾਈ ਕੀਤੇ ਜਾਂਦੇ ਹਨ।  

ਵਿਭਾਗੀ ਸੰਪਰਕ:-

ਅਫਸਰ ਇੰਚਾਰਜ:- ਗੁਰਮੀਤ ਸਿੰਘ, ਜਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫਸਰ, ਫਰੀਦਕੋਟ।

ਮੋਬਾਇਲ ਨੰ:- 9872022617

ਦਫਤਰ ਦਾ ਪਤਾ ਅਤੇ ਫੋਨ ਨੰ:-  ਡਾ ਬੀ ਆਰ ਅੰਬੇਦਕਰ ਭਵਨ, ਫਰੀਦਕੋਟ ,01639 250766