ਘੰਟਾ ਘਰ, ਫ਼ਰੀਦਕੋਟ
ਵਿਕਟੋਰੀਆ ਕਲਾਕ ਟਾਵਰ ਜਿਸਨੂੰ ਸਥਾਨਕ ਤੌਰ ‘ਤੇ ਘੰਟਾ ਘਰ ਕਿਹਾ ਜਾਂਦਾ ਹੈ, ਸ਼ਹਿਰ ਦੇ ਕੇਂਦਰ ਵਿੱਚ ਸਥਿਤ ਹੈ। ਇਸਦਾ ਨਿਰਮਾਣ ਰਾਜਾ ਬਲਬੀਰ ਸਿੰਘ ਦੁਆਰਾ ਰਾਣੀ ਵਿਕਟੋਰੀਆ ਦੀ ਯਾਦਗਾਰ ਵਜੋਂ ਕੀਤਾ ਗਿਆ ਸੀ, ਜਿਸਦੀ ਮੌਤ 22 ਜਨਵਰੀ, 1901 ਨੂੰ ਹੋਈ ਸੀ।
ਵੇਰਵਾ: ਸ਼ਹਿਰ ਦੇ ਵਿਚਕਾਰ ਸਥਿਤ ਇਹ ਘੰਟਾ ਘਰ ਯੂਰਪੀ ਗੋਥਿਕ ਰਿਵਾਇਵਲ ਸ਼ੈਲੀ ਵਿਚ ਬਣਿਆ ਹੋਇਆ ਹੈ। ਆਪਣੀ ਅਸਲ ਹਾਲਤ ਵਿਚ ਇਹ ਉੱਚੇ ਚਬੂਤਰੇ ‘ਤੇ ਸਥਿਤ ਸੀ ਪਰ ਬਾਅਦ ਵਿਚ ਆਲਾ-ਦੁਆਲਾ ਉੱਚਾ ਹੋ ਜਾਣ ਕਾਰਣ ਇਸਦਾ ਚਬੂਤਰਾ ਹੁਣ ਦਿਖਾਈ ਨਹੀਂ ਦਿੰਦਾ। ਇਸ ਦੀ ਚਾਰ- ਮੰਜ਼ਲਾ ਇਮਾਰਤ ਦੇ ਹਰ ਪਾਸੇ ਇੱਕ ਵੱਡੀ ਘੜੀ ਹੈ। ਦੀਵਾਰ ਦੇ ਅੰਦਰਲੇ ਪਾਸੇ ਤੋਂ ਇੱਕ ਪੌੜੀ ਪਹਿਲੀ ਮੰਜ਼ਲ ਤੀਕ ਪੁੱਜਦੀ ਹੈ ਅਤੇ ਉਥੋਂ ਪੌੜੀਆਂ ਰਾਹੀਂ ਤੀਸਰੀ ਮੰਜ਼ਲ ‘ਤੇ ਅਪੜਿਆ ਜਾਂਦਾ ਹੈ ਜਿੱਥੇ ਘੜੀ ਦੀ ਮਸ਼ੀਨ ਲੱਗੀ ਹੋਈ ਹੈ। ਘੰਟਾ ਘਰ ਦੇ ਹਰ ਪਾਸੇ, ‘1902’ ਇਸਦੇ ਨਿਰਮਾਣ ਦੀ ਮਿਤੀ ਵਜੋਂ ਉਕਰਿਆ ਹੋਇਆ ਹੈ।
ਇਸ ਢਾਂਚੇ ਦਾ ਜ਼ਿਕਰ 1902 ਦੇ ਅੰਤ ਵਿੱਚ ਪ੍ਰਕਾਸ਼ਿਤ ਆਈਨਾ-ਏ-ਬਰਾੜ ਬੰਸ ਵਿੱਚ ਵੀ ਮਿਲਦਾ ਹੈ। ਇਥੇ ਲੱਗੀ ਹੋਈ ਘੜੀ ਨੂੰ 1929 ਵਿਚ ਇੰਗਲੈਂਡ ਵਿਖੇ, ਵਹਿਟਚਰਚ, ਸੈਲੋਪ, ਵਿਚ ਸਥਿਤ ਕੰਪਨੀ ਜਾੱਯਸਿ ਵੱਲੋਂ ਬਣਾਇਆ ਗਿਆ ਸੀ। ਇਸ ਦੀ ਸਪਲਾਈ ਕਲਕੱਤੇ ਦੀ ਫ਼ਰਮ ਐਂਗਲੋ-ਸਵਿਸ ਵਾਚ ਕੰਪਨੀ ਨੇ ਕੀਤੀ ਸੀ। ਸ਼ਾਇਦ ਇਹ ਨਵੀਂ ਘੜੀ ਸੀ, ਜੋ ਸ਼ਾਹੀ ਕੌਂਸਲ (1918-34) ਨੇ ਪੰਜ ਹਜ਼ਾਰ ਰੁਪਏ ਦੀ ਲਾਗਤ ਨਾਲ ਖ਼ਰੀਦੀ ਸੀ, ਕਿਉਂਕਿ ਘੰਟਾ ਘਰ ਦੀ ਉਸਾਰੀ ਤਾਂ ਰਾਜਾ ਬਲਬੀਰ ਸਿੰਘ ਨੇ ਬ੍ਰਿਿਟਸ਼ ਮਹਾਰਾਣੀ ਵਿਕਟੋਰੀਆ ਦੀ 22 ਜਨਵਰੀ 1901 ਦੇ ਦਿਨ ਮ੍ਰਿਤੂ ਸਮੇਂ ਉਸਦੀ ਯਾਦਗਾਰ ਦੇ ਤੌਰ ‘ਤੇ ਕਰਵਾਈ ਸੀ। ਸ਼ਾਇਦ ਪਹਿਲੀ ਘੜੀ ਨਕਾਰਾ ਹੋ ਗਈ ਹੋਵੇਗੀ।
ਘੰਟਾ ਘਰ ਦਾ ਟੱਲ ਜੋ ਹਰ ਘੰਟੇ ਬਾਅਦ ਵਜਦਾ ਹੈ ‘ਟੇਲਰ ਲਾੱਗਬਰੋਅ ਕੰਪਨੀ’ ਦਾ ਬਣਿਆ ਹੋਇਆ ਹੈ, ਜਿਸਦਾ ਪੂਰਾ ਨਾਂ ‘ਮੈਸਰਜ਼ ਟੇਲਰਜ਼ ਏਰ ਸਮਿਥ ਲਿਮਟਿਡ’ ਸੀ ਜੋ 1784 ਵਿਚ ਸਥਾਪਿਤ ਦੁਨੀਆ ਦੀ ਮੁੱਖ ਫ਼ਾਉਂਡਰੀ ਸੀ।
ਆਪਣੇ ਅਸਲ ਰੂਪ ਵਿਚ ਇਹ ਘੰਟਾ ਘਰ ਇੱਕਲੀ ਇਮਾਰਤ ਨਹੀਂ ਸੀ ਸਗੋਂ ਇਸ ਦੇ ਚਾਰੇ ਪਾਸੇ ਚਾਰ ਹੋਰ ਇਮਾਰਤਾਂ ਵੀ ਸਨ। ਇਨ੍ਹਾਂ ਇਮਾਰਤਾਂ ਦੇ ਕੁਝ ਭਾਗ ਹੁਣ ਤੀਕ ਬਚੇ ਹੋਏ ਹਨ।
ਵੀਹਵੀਂ ਸਦੀ ਦੇ ਸ਼ੁਰੂ ਵਿੱਚ ਜਦੋਂ ਸ਼ਾਇਦ ਹੀ ਕੋਈ ਵਿਅਕਤੀ ਆਪਣੀ ਨਿੱਜੀ ਘੜੀ ਖਰੀਦ ਸਕਦਾ ਸੀ ਤਾਂ ਉਸ ਸਮੇਂ ਘੰਟਾ ਘਰ ਦੀ ਮਹੱਤਤਾ ਨੂੰ ਅਣਗੌਲਿਆ ਨਹੀਂ ਕੀਤਾ ਜਾ ਸਕਦਾ।
ਕਰਨਯੋਗ ਗੱਲਾਂ: ਸੈਲਾਨੀ ਘੰਟਾ ਘਰ ਦੇ ਆਲੇ ਦੁਆਲੇ ਦੇ ਬਾਜ਼ਾਰ ਘੁੰਮ ਸਕਦੇ ਹਨ, ਰਵਾਇਤੀ ਪਹਿਰਾਵੇ ਖ਼ਰੀਦ ਸਕਦੇ ਹਨ ਅਤੇ ਸਥਾਨਕ ਪਕਵਾਨਾਂ ਦਾ ਸੁਆਦ ਚੱਖ ਸਕਦੇ ਹਨ।
ਕਿਵੇਂ ਪਹੁੰਚੀਏ :
ਹਵਾਈ ਜਹਾਜ਼ ਰਾਹੀਂ
ਅੰਤਰ-ਰਾਸ਼ਟਰੀ ਹਵਾਈ ਅੱਡਾ ਸ਼੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ਅੰਮ੍ਰਿਤਸਰ ਵਿਖੇ ਸਥਿਤ ਹੈ।
ਰੇਲਗੱਡੀ ਰਾਹੀਂ
ਫਰੀਦਕੋਟ ਦਾ ਇੱਕ ਰੇਲਵੇ ਸਟੇਸ਼ਨ ਹੈ ਜੋ ਕਿ ਵੱਡੇ ਸ਼ਹਿਰਾਂ ਨਾਲ ਜੁੜਿਆ ਹੋਇਆ ਹੈ।ਫਰੀਦਕੋਟ ਜ਼ਿਲ੍ਹੇ ਦਾ ਹੈਡਕੁਆਟਰ ਫਿਰੋਜ਼ਪੁਰ-ਬਠਿੰਡਾ-ਦਿੱਲੀ ਰੇਲਵੇ ਲਾਈਨ ਤੇ ਹੈ।ਦੇਸ਼ ਦੇ ਜ਼ਿਆਦਾਤਰ ਸ਼ਹਿਰਾਂ ਤੋਂ ਫਰੀਦਕੋਟ ਤੱਕ ਅਤੇ ਫਰੀਦਕੋਟ ਤੋ ਲੰਘਣ ਵਾਲੀਆਂ ਰੇਲਵੇ ਲਾਈਨਾਂ ਰਾਹੀਂ ਪਹੁੰਚਿਆ ਜਾ ਸਕਦਾ ਹੈ।
ਸੜਕ ਰਾਹੀਂ
ਫਰੀਦਕੋਟ ਰਾਜਧਾਨੀ ਅੰਮ੍ਰਿਤਸਰ ਤੋਂ 130 ਕਿਲੋਮੀਟਰ ਇੱਕ ਨੈਸ਼ਨਲ ਹਾਈਵੇਅ ਨਾਲ ਸਥਿਤ ਹੈ।ਪੰਜਾਬ ਵਿੱਚ ਪੱਛਮੀ ਮੋਗਾ ਵਿੱਚ ਜ਼ਿਲ੍ਹਾ ਫਿਰੋਜ਼ਪੁਰ ਨਾਲ ਘਿਰਿਆ ਹੋਇਆ ਹੈ।